Proverbs 20

1ਮੈਅ ਠੱਠੇ ਵਾਲੀ ਤੇ ਸ਼ਰਾਬ ਝਗੜੇ ਵਾਲੀ ਚੀਜ਼ ਹੈ, ਜੋ ਕੋਈ ਉਹਨਾਂ ਤੋਂ ਧੋਖਾ ਖਾਂਦਾ ਹੈ ਉਹ ਬੁੱਧਵਾਨ ਨਹੀਂ ! 2ਰਾਜੇ ਦਾ ਭੈ ਬਬਰ ਸ਼ੇਰ ਦੇ ਗੱਜਣ ਵਰਗਾ ਹੈ, ਜਿਹੜਾ ਉਹ ਨੂੰ ਗੁੱਸਾ ਚੜਾਉਂਦਾ ਹੈ ਉਹ ਆਪਣੀ ਹੀ ਜਾਨ ਦਾ ਵੈਰੀ ਹੈ ।

3ਝਗੜੇ ਤੋਂ ਬਚਣ ਨਾਲ ਆਦਮੀ ਦਾ ਆਦਰ ਹੁੰਦਾ ਹੈ, ਪਰ ਹਰੇਕ ਮੂਰਖ ਝਗੜੇ ਛੇੜਦਾ ਹੈ । 4ਆਲਸੀ ਠੰਡ ਦੇ ਮਾਰੇ ਹਲ ਨਹੀਂ ਵਾਹੁੰਦਾ, ਉਹ ਵਾਢੀਆਂ ਦੇ ਦਿਨੀਂ ਭੀਖ ਮੰਗਿਆ ਕਰੇਗਾ ਪਰ ਲੱਭੇਗਾ ਕੁਝ ਨਹੀਂ ।

5ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ, ਪਰ ਸਮਝ ਵਾਲਾ ਉਹ ਨੂੰ ਬਾਹਰ ਕੱਢ ਲਿਆਵੇਗਾ । 6ਬਹੁਤੇ ਆਦਮੀ ਆਪਣੀ ਆਪਣੀ ਦਯਾ ਦੀ ਡੌਂਡੀ ਪਿੱਟਦੇ ਹਨ, ਪਰ ਵਫ਼ਾਦਾਰ ਮਨੁੱਖ ਕਿਹਨੂੰ ਮਿਲ ਸਕਦਾ ਹੈ ?

7ਧਰਮੀ ਜਿਹੜਾ ਸਚਿਆਈ ਨਾਲ ਚੱਲਦਾ ਹੈ, ਉਹ ਦੇ ਮਗਰੋਂ ਉਹ ਦੇ ਪੁੱਤਰ ਧੰਨ ਹੁੰਦੇ ਹਨ ! 8ਰਾਜਾ ਜਿਹੜਾ ਨਿਆਂ ਦੀ ਗੱਦੀ ਉੱਤੇ ਬਹਿੰਦਾ ਹੈ, ਉਹ ਆਪਣੀ ਨਜ਼ਰ ਨਾਲ ਹੀ ਸਾਰੀ ਬੁਰਿਆਈ ਨੂੰ ਜਾਣ ਲੈਂਦਾ ਹੈ ।

9ਕੌਣ ਆਖ ਸਕਦਾ ਹੈ ਭਈ ਮੈਂ ਆਪਣੇ ਮਨ ਨੂੰ ਪਵਿੱਤਰ ਕੀਤਾ ਹੈ, ਮੈਂ ਪਾਪ ਤੋਂ ਸ਼ੁੱਧ ਹੋ ਗਿਆ ਹਾਂ ? 10ਘੱਟ ਵੱਧ ਵੱਟੇ ਅਤੇ ਘੱਟ ਵੱਧ ਨਾਪ, ਇਹਨਾਂ ਦੋਹਾਂ ਤੋਂ ਯਹੋਵਾਹ ਘਿਣ ਕਰਦਾ ਹੈ ।

11ਬੱਚਾ ਵੀ ਆਪਣੇ ਕੰਮਾਂ ਤੋਂ ਪਛਾਣਿਆ ਜਾਂਦਾ ਹੈ, ਭਈ ਉਹ ਦੇ ਕੰਮ ਨੇਕ ਤੇ ਠੀਕ ਹਨ ਕਿ ਨਹੀਂ । 12ਕੰਨ ਜਿਹੜਾ ਸੁਣਦਾ ਹੈ ਤੇ ਅੱਖ ਜਿਹੜੀ ਵੇਖਦੀ ਹੈ, ਦੋਹਾਂ ਨੂੰ ਹੀ ਯਹੋਵਾਹ ਨੇ ਬਣਾਇਆ ਹੈ ।

13ਨੀਂਦ ਨਾਲ ਪ੍ਰੀਤ ਨਾ ਲਾ ਕਿਤੇ ਤੂੰ ਗਰੀਬ ਹੋ ਜਾਵੇਂ, ਆਪਣੀਆਂ ਅੱਖਾਂ ਖੋਲ੍ਹ ਤਾਂ ਤੂੰ ਰੋਟੀ ਰੱਜ ਕੇ ਖਾਏਂਗਾ । 14ਖਰੀਦਣ ਵੇਲੇ ਗਾਹਕ ਆਖਦਾ ਹੈ, “ਰੱਦੀ, ਰੱਦੀ” ! ਪਰ ਜਦ ਦੂਰ ਨਿੱਕਲ ਜਾਂਦਾ ਹੈ ਤਾਂ ਸ਼ੇਖੀ ਮਾਰਦਾ ਹੈ ।

15ਸੋਨਾ ਅਤੇ ਹੀਰੇ ਮੋਤੀ ਬਥੇਰੇ ਹਨ, ਪਰ ਗਿਆਨ ਦੀਆਂ ਗੱਲਾਂ ਅਣਮੁੱਲ ਰਤਨ ਹਨ । 16ਜਿਹੜਾ ਪਰਦੇਸੀ ਦੀ ਜ਼ਮਾਨਤ ਦੇਵੇ ਉਹ ਦੇ ਕੱਪੜੇ ਲਾਹ ਲੈ, ਅਤੇ ਜਿਹੜਾ ਓਪਰਿਆਂ ਦੀ ਜ਼ਮਾਨਤ ਦੇਵੇ ਉਹ ਦਾ ਕੁਝ ਗਹਿਣੇ ਰੱਖ ਲੈ ।

17ਚੋਰੀ ਦੀ ਰੋਟੀ ਮਨੁੱਖ ਨੂੰ ਮਿੱਠੀ ਲੱਗਦੀ ਹੈ, ਪਰ ਅੰਤ ਵਿੱਚ ਉਹ ਦਾ ਮੂੰਹ ਕੰਕਰਾਂ ਨਾਲ ਭਰ ਜਾਂਦਾ ਹੈ । 18ਯੋਜਨਾਵਾਂ ਸਲਾਹ ਨਾਲ ਕਾਇਮ ਹੋ ਜਾਂਦੀਆਂ ਹਨ, ਸੋ ਤੂੰ ਚੰਗੀ ਸਲਾਹ ਲੈ ਕੇ ਜੁੱਧ ਕਰ ।

19ਜਿਹੜਾ ਚੁਗਲੀ ਕਰਦਾ ਫਿਰਦਾ ਹੈ ਉਹ ਭੇਤਾਂ ਨੂੰ ਪਰਗਟ ਕਰਦਾ ਹੈ, ਇਸ ਲਈ ਤੂੰ ਬਕ ਬਕ ਕਰਨ ਵਾਲਿਆਂ ਨਾਲ ਸੰਗਤੀ ਨਾ ਰੱਖੀਂ । 20ਜਿਹੜਾ ਆਪਣੇ ਮਾਂ ਪਿਉ ਨੂੰ ਫਿਟਕਾਰਦਾ ਹੈ, ਉਹ ਦਾ ਦੀਵਾ ਘੁੱਪ ਹਨੇਰੇ ਵਿੱਚ ਬੁੱਝ ਜਾਵੇਗਾ ।

21ਛੇਤੀ ਨਾਲ ਮਿਲੀ ਹੋਈ ਮਿਰਾਸ, ਅੰਤ ਵਿੱਚ ਮੁਬਾਰਕ ਨਾ ਹੋਵੇਗੀ । 22ਤੂੰ ਇਹ ਨਾ ਆਖ ਭਈ ਮੈਂ ਬੁਰਿਆਈ ਦਾ ਬਦਲਾ ਲਵਾਂਗਾ, ਯਹੋਵਾਹ ਨੂੰ ਉਡੀਕ ਤਾਂ ਉਹ ਤੈਨੂੰ ਬਚਾਵੇਗਾ ।

23ਘੱਟ ਵੱਧ ਵੱਟੇ ਯਹੋਵਾਹ ਲਈ ਘਿਣਾਉਣੇ ਹਨ, ਅਤੇ ਛਲ ਦੀ ਤੱਕੜੀ ਚੰਗੀ ਨਹੀਂ । 24ਮਨੁੱਖ ਦੇ ਕਦਮਾਂ ਨੂੰ ਯਹੋਵਾਹ ਹੀ ਚਲਾਉਂਦਾ ਹੈ, ਤਾਂ ਫੇਰ ਮਨੁੱਖ ਕਿਵੇਂ ਆਪਣੇ ਰਾਹ ਨੂੰ ਬੁੱਝੇ ?

25ਜੇ ਬਿਨਾ ਵਿਚਾਰੇ ਕੋਈ ਆਖੇ ਕਿ ਇਹ ਵਸਤ ਪਵਿੱਤਰ ਹੈ, ਤੇ ਸੁੱਖਣਾ ਸੁੱਖ ਕੇ ਪੁੱਛਣ ਲੱਗੇ ਤਾਂ ਉਹ ਉਸ ਆਦਮੀ ਲਈ ਫਾਹੀ ਹੈ । 26ਬੁੱਧਵਾਨ ਰਾਜਾ ਦੁਸ਼ਟਾ ਨੂੰ ਫਟਕ ਦਿੰਦਾ ਹੈ, ਅਤੇ ਉਹਨਾਂ ਉੱਤੇ ਪਹੀਆ ਚਲਾ ਦਿੰਦਾ ਹੈ ।

27ਮਨੁੱਖ ਦਾ ਆਤਮਾ ਯਹੋਵਾਹ ਦਾ ਦੀਵਾ ਹੈ, ਜਿਹੜਾ ਸਾਰੇ ਅੰਦਰਲੇ ਹਿੱਸਿਆਂ ਨੂੰ ਖੋਜਦਾ ਹੈ । 28ਦਯਾ ਅਤੇ ਸਚਿਆਈ ਰਾਜੇ ਦੀ ਰੱਖਿਆ ਕਰਦੀਆਂ ਹਨ, ਸਗੋਂ ਦਯਾ ਨਾਲ ਹੀ ਉਸ ਦੀ ਗੱਦੀ ਸੰਭਲਦੀ ਹੈ ।

29ਜੁਆਨਾਂ ਦੀ ਸ਼ੋਭਾ ਤਾਂ ਉਹਨਾਂ ਦਾ ਬਲ ਹੈ, ਅਤੇ ਬੁੱਢਿਆਂ ਦੀ ਸਜਾਵਟ ਉਹਨਾਂ ਦੇ ਧੌਲੇ ਵਾਲ ਹਨ । ਸੱਟਾਂ ਲੱਗਣ ਨਾਲ ਜਿਹੜੇ ਜ਼ਖਮ ਹੁੰਦੇ ਹਨ ਉਹ ਬੁਰਿਆਈ ਨੂੰ ਸਾਫ਼ ਕਰਦੇ ਹਨ, ਅਤੇ ਮਾਰ ਅੰਦਰਲੇ ਹਿੱਸਿਆਂ ਨੂੰ ਵੀ ।

30

Copyright information for PanULB